Blast In Karachi Airport : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਕਰਾਚੀ ਵਿੱਚ ਐਤਵਾਰ ਦੇਰ ਰਾਤ ਇੱਕ ਵੱਡਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਾਕਿਸਤਾਨ ਦੇ ਮੀਡੀਆ ਅਦਾਰੇ ਨੇ ਦੱਸਿਆ ਕਿ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਇੱਕ ਵੱਡੇ ਧਮਾਕੇ ਵਿੱਚ ਘੱਟੋ-ਘੱਟ ਤਿੰਨ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖਮੀ ਹੋ ਗਏ। ਹਮਲੇ ‘ਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਇਹ ਚੀਨੀ ਨਾਗਰਿਕਾਂ ‘ਤੇ ਹਮਲਾ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਪੂਰੇ ਸ਼ਹਿਰ ‘ਚ ਸੁਣਾਈ ਦਿੱਤੀ।
ਇਸ ਧਮਾਕੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਨ੍ਹਾਂ ਵੀਡੀਓਜ਼ ਵਿੱਚ ਕਾਰਾਂ ਵਿੱਚ ਅੱਗ ਦੀਆਂ ਲਪਟਾਂ ਅਤੇ ਮੌਕੇ ਤੋਂ ਧੂੰਏਂ ਦੇ ਬੱਦਲ ਉੱਠਦੇ ਨਜ਼ਰ ਆ ਰਹੇ ਹਨ। ਹਾਲਾਂਕਿ ਹਵਾਈ ਅੱਡੇ ਦੀਆਂ ਇਮਾਰਤਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸ ਘਟਨਾ ਕਾਰਨ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਏਅਰਲਾਈਨਜ਼ ਦੀਆਂ ਉਡਾਣਾਂ ‘ਤੇ ਕੋਈ ਅਸਰ ਨਹੀਂ ਪਿਆ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਇਹ ਧਮਾਕਾ ਇੱਕ ਤੇਲ ਟੈਂਕਰ ਵਿੱਚ ਵਿਸਫੋਟ ਹੋਣ ਕਾਰਨ ਹੋਇਆ ਹੈ। ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਦਾ ਨਿਸ਼ਾਨਾ ਸਿਰਫ਼ ਚੀਨੀ ਨਾਗਰਿਕ ਸਨ।
ਇਸ ਹਮਲੇ ਨੂੰ ਲੈ ਕੇ ਚੀਨੀ ਦੂਤਘਰ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 6 ਅਕਤੂਬਰ ਨੂੰ ਰਾਤ ਕਰੀਬ 11 ਵਜੇ ਕਰਾਚੀ ਦੇ ਜਿਨਾਹ ਇੰਟਰਨੈਸ਼ਨਲ ਏਅਰਪੋਰਟ ਨੇੜੇ ਅੱਤਵਾਦੀਆਂ ਨੇ ਚੀਨ ਦੀ ਫੰਡਿੰਗ ਵਾਲੀ ਪੋਰਟ ਕਾਸਿਮ ਪਾਵਰ ਜਨਰੇਸ਼ਨ ਕੰਪਨੀ ਲਿਮਟਿਡ ਦੇ ਕਾਫਲੇ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਦੋ ਚੀਨੀ ਕਰਮਚਾਰੀ ਮਾਰੇ ਗਏ ਅਤੇ ਇਕ ਚੀਨੀ ਕਰਮਚਾਰੀ ਜ਼ਖਮੀ ਹੋ ਗਿਆ ਪਾਕਿਸਤਾਨ ਵਾਲੇ ਪਾਸੇ ਕਈ ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ : Israel Hamas War : ਗਾਜ਼ਾ ਮਸਜਿਦ ‘ਤੇ ਇਜ਼ਰਾਈਲ ਦਾ ਹਮਲਾ, 18 ਦੀ ਮੌਤ, 2 ਜ਼ਖਮੀ
– PTC NEWS